ਕੰਪਿਊਟਰ ਤੋਂ ਕੰਮ ਲੈਣ ਲਈ ਟਾਈਪਿੰਗ ਦੀ ਜੁਗਤ ਆਉਣੀ ਜ਼ਰੂਰੀ ਹੈ। ਜੇ ਇਹ ਵਿਧੀ-ਬੱਧ ਤਰੀਕੇ ਨਾਲ ਪੂਰਨ ਅਭਿਆਸ ਰਾਹੀਂ ਸਿੱਖ ਲਈ ਜਾਵੇ ਤਾਂ ਉਂਗਲਾਂ ਦੇ ਪੋਟਿਆਂ ਰਾਹੀਂ ਹਰਫ਼ਾਂ ਦੀ ਸਿਰਜਣਾ ਕਰਨਾ ਖੇਡ ਜਾਪਣ ਲਗਦਾ ਹੈ ਪਰ ਉਚਿਤ ਢੰਗ ਅਪਣਾਏ ਬਿਨਾਂ ਕਾਹਲੀ ਨਾਲ ਸਿੱਖੀ ਟਾਈਪ ਤੁਹਾਡੇ 'ਤੇ ਅਨਾੜੀ ਹੋਣ ਦਾ ਠੱਪਾ ਲਾਉਂਦੀ ਹੈ।
ਟਾਈਪਿੰਗ ਸਾਡੇ ਲਈ ਰੋਜ਼ੀ-ਰੋਟੀ ਦਾ ਸਾਧਨ ਵੀ ਬਣ ਸਕਦੀ ਹੈ। ਸਰਕਾਰੀ, ਗੈਰ-ਸਰਕਾਰੀ ਵਿਭਾਗਾਂ ਵਿੱਚ ਕਲਰਕਾਂ ਤੇ ਡਾਟਾ ਐਂਟਰੀ ਓਪਰੇਟਰਾਂ ਦੀ ਅਕਸਰ ਲੋੜ ਬਣੀ ਰਹਿੰਦੀ ਹੈ। ਟਾਈਪ 'ਚ ਮੁਹਾਰਤ ਹਾਸਲ ਕਰਕੇ ਕੋਈ ਆਪਣਾ ਸਵੈ-ਰੁਜ਼ਗਾਰ ਸ਼ੁਰੂ ਕਰ ਸਕਦਾ ਹੈ। ਜੇ ਟਾਈਪ ਦੇ ਨਾਲ-ਨਾਲ ਕੰਪਿਊਟਰ ਤੇ ਇੰਟਰਨੈੱਟ ਬਾਰੇ ਆਮ ਵਿਹਾਰਕ ਜਾਣਕਾਰੀ, ਪੰਜਾਬੀ ਸਾਫ਼ਟਵੇਅਰਾਂ ਦੀ ਵਰਤੋਂ ਬਾਰੇ ਗਿਆਨ, ਟਾਈਪ ਸੈਟਿੰਗ ਦੇ ਗੁਰ ਪਤਾ ਹੋਣ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ।
ਟਾਈਪ ਇਮਤਿਹਾਨਾਂ 'ਚ ਉਹੀ ਟਾਈਪਕਾਰ ਨਿੱਤਰਦਾ ਹੈ ਜੋ ਅਭਿਆਸ ਰਾਹੀਂ ਉਂਗਲਾਂ, ਅੱਖਾਂ ਅਤੇ ਦਿਮਾਗ਼ ਨੂੰ ਇਕਸੁਰ ਕਰਨਾ ਜਾਣਦਾ ਹੋਵੇ। ਟਾਈਪਿੰਗ ਲਈ ਪਹਿਲਾਂ ਕੋਈ ਪੁਸਤਕ ਨਹੀਂ ਜੋ ਕੰਪਿਊਟਰ 'ਤੇ ਪੰਜਾਬੀ ਟਾਈਪ ਦੀ ਪੜਾਅ-ਵਾਰ ਸਿਖਲਾਈ ਦਿੰਦੀ ਹੋਵੇ।
ਹਥਲੀ ਪੁਸਤਕ ਪਾਠਕਾਂ ਦੀ ਮੰਗ ਨੂੰ ਧਿਆਨ 'ਚ ਰੱਖ ਕੇ ਲਿਖੀ ਗਈ ਹੈ। ਪੁਸਤਕ ਵਿੱਚ ਪੰਜਾਬੀ ਭਾਸ਼ਾ ਨੂੰ ਫੋਨੈਟਿਕ, ਰਮਿੰਗਟਨ ਅਤੇ ਇਨਸਕਰਿਪਟ ਵਿਧੀ ਰਾਹੀਂ ਟਾਈਪ ਕਰਨ ਦੇ ਨਾਲ-ਨਾਲ ਅੰਗਰੇਜ਼ੀ 'ਚ ਟਾਈਪ ਕਰਨ ਦਾ ਗਿਆਨ ਵੀ ਦਿੱਤਾ ਗਿਆ ਹੈ। ਕੰਪਿਊਟਰ 'ਤੇ ਟਾਈਪ ਦਾ ਕੰਮ ਕਰਨ ਵਾਲਿਆਂ ਲਈ ਹੋਰ ਜ਼ਰੂਰੀ ਸਾਫ਼ਟਵੇਅਰਾਂ ਬਾਰੇ ਜਾਣਕਾਰੀ ਨੂੰ ਵੀ ਪ੍ਰਮੁੱਖਤਾ ਨਾਲ ਸ਼ਾਮਿਲ ਕੀਤਾ ਗਿਆ ਹੈ।
ਇਸ ਪੁਸਤਕ ਦੀ ਮਦਦ ਨਾਲ ਪਾਠਕ ਘਰ ਬੈਠਿਆਂ ਹੀ ਪੰਜਾਬੀ ਟਾਈਪਿੰਗ ਸਿੱਖ ਸਕਦਾ ਹੈ। ਪੁਸਤਕ ਦੇ ਕੁੱਲ 12 ਅਧਿਆਇ ਹਨ। ਕੀ-ਬੋਰਡ ਦੀਆਂ ਵੱਖ-ਵੱਖ ਪਾਲ਼ਾਂ ਦੇ ਬਟਣਾਂ ਰਾਹੀਂ ਪੈਣ ਵਾਲੇ ਅੱਖਰਾਂ ਨੂੰ ਵਿਧੀ-ਪੂਰਵਕ ਢੰਗ ਨਾਲ ਤਸਵੀਰਾਂ, ਸਾਰਨੀਆਂ ਆਦਿ ਰਾਹੀਂ ਸਮਝਾਇਆ ਗਿਆ ਹੈ। ਹਰੇਕ ਪਾਲ਼ ਨਾਲ ਜਾਣ-ਪਛਾਣ ਕਰਵਾਉਣ ਤੋਂ ਬਾਅਦ ਵਿਦਿਆਰਥੀ ਦੇ ਕਰਨ ਲਈ ਲੰਬੇ ਅਭਿਆਸ ਦਿੱਤੇ ਗਏ ਹਨ।
ਪਹਿਲਾ ਅਧਿਆਇ ਕੰਪਿਊਟਰ ਦੀ ਜਾਣ-ਪਛਾਣ ਕਰਾਉਂਦਾ ਹੈ। ਇਸ ਵਿੱਚ ਕੰਪਿਊਟਰ ਦੇ ਕੰਮ ਕਰਨ ਦੇ ਤਰੀਕੇ, ਵੱਖ-ਵੱਖ ਹਿੱਸਿਆਂ, ਹਾਰਡਵੇਅਰ ਤੇ ਸਾਫ਼ਟਵੇਅਰ, ਟਾਈਪਿੰਗ ਨਿਯਮਾਂ ਤੇ ਮਾਈਕਰੋਸਾਫ਼ਟ ਵਰਡ ਬਾਰੇ ਜਾਣਕਾਰੀ ਸ਼ਾਮਿਲ ਹੈ। ਪੰਜਾਬੀ ਫੌਂਟ ਤੇ ਪੰਜਾਬੀ ਕੀ-ਬੋਰਡ ਸਿਰਲੇਖ ਹੇਠ ਦਰਜ ਦੂਜਾ ਤੇ ਤੀਜਾ ਅਧਿਆਇ ਫੌਂਟਾਂ ਅਤੇ ਕੀ-ਬੋਰਡਾਂ ਬਾਰੇ ਤਕਨੀਕੀ ਜਾਣਕਾਰੀ ਦਿੰਦਾ ਹੈ। ਚੌਥਾ ਅਧਿਆਇ ਕੰਪਿਊਟਰ ਵਿੱਚ ਵਰਤੀ ਜਾਂਦੀ ਮਿਆਰੀ ਯੂਨੀਕੋਡ ਪੱਧਤੀ ਦੀ ਬਾਤ ਪਾਉਂਦਾ ਹੈ। ਇਸ ਵਿੱਚ ਯੂਨੀਕੋਡ ਫੌਂਟਾਂ ਨੂੰ ਕੰਪਿਊਟਰ ਵਿਚ ਪਾਉਣ ਤੋਂ ਲੈ ਕੇ ਯੂਨੀਕੋਡ ਪ੍ਰਣਾਲੀ ਦੇ ਫ਼ਾਇਦਿਆਂ ਦੀ ਚਰਚਾ ਕੀਤੀ ਗਈ ਹੈ।
ਪੰਜਵਾਂ ਅਧਿਆਇ ਕੰਪਿਊਟਰ ਨੂੰ ਯੂਨੀਕੋਡ ਵਿੱਚ ਕੰਮ ਕਰਨ ਦੇ ਸਮਰੱਥ ਬਣਾਉਣ ਲਈ ਵਰਤੇ ਜਾਣ ਵਾਲੇ ਨੁਕਤਿਆਂ 'ਤੇ ਅਧਾਰਿਤ ਹੈ। ਪੁਸਤਕ ਦੇ ਅਗਲੇ ਚਾਰ ਅਧਿਆਇ ਅੰਗਰੇਜ਼ੀ ਟਾਈਪਿੰਗ, ਪੰਜਾਬੀ ਦੀ ਫੋਨੈਟਿਕ, ਰਮਿੰਗਟਨ ਤੇ ਇਨਸਕਰਿਪਟ ਟਾਈਪਿੰਗ ਬਾਰੇ ਗੂੜ੍ਹ ਗਿਆਨ ਦਿੰਦੇ ਹਨ। ਇਹ ਅਧਿਆਇ ਪੁਸਤਕ ਦੇ ਕੇਂਦਰ ਬਿੰਦੂ ਹਨ। ਪਾਠਕ ਆਪਣੀ ਪਸੰਦ ਦੀ ਟਾਈਪਿੰਗ ਵਿਧਾ ਚੁਣ ਕੇ ਸਬੰਧਿਤ ਪਾਠ ਦਾ ਅਧਿਐਨ ਕਰ ਸਕਦਾ ਹੈ। ਤਕਨੀਕੀ ਨੁਕਤਿਆਂ ਨੂੰ ਘੋਖ-ਪੜਤਾਲ ਕਰਨ ਉਪਰੰਤ ਤਿਆਰ ਕੀਤੇ ਅਭਿਆਸ ਪਾਠਕ ਤੋਂ ਸੰਜਮ, ਲਗਾਤਾਰਤਾ ਤੇ ਸਖ਼ਤ ਮਿਹਨਤ ਦੀ ਮੰਗ ਕਰਦੇ ਹਨ।
ਪੁਸਤਕ ਵਿੱਚ ਤੇਜ਼ ਗਤੀ ਨਾਲ ਟਾਈਪ ਕਰਨ ਦੇ ਨੁਕਤਿਆਂ ਨੂੰ ਖ਼ਾਸ ਥਾਂ ਦਿੱਤਾ ਗਿਆ ਹੈ। ਇਸ ਵਿੱਚ ਟਾਈਪਿੰਗ ਦੌਰਾਨ ਅਪਣਾਈ ਜਾਣ ਵਾਲੀ ਬੈਠਕ, ਕੀ-ਬੋਰਡ ਤੇ ਮਾਊਸ ਆਦਿ ਦੀ ਸੁਚੱਜੀ ਵਰਤੋਂ, ਕੀ-ਬੋਰਡ 'ਤੇ ਉਂਗਲਾਂ ਦੀ ਸਥਿਤੀ, ਕੰਪਿਊਟਰ ਦਾ ਰੱਖ-ਰਖਾਓ ਤੇ ਮੁਰੰਮਤ ਬਾਰੇ ਅਹਿਮ ਜਾਣਕਾਰੀ ਸ਼ਾਮਿਲ ਹੈ।
ਗਿਆਰ੍ਹਵਾਂ ਅਧਿਆਇ ਟਾਈਪਿੰਗ ਇਮਤਿਹਾਨਾਂ ਦੀ ਹਰੇਕ ਪਹਿਲੂ ਤੋਂ ਗੱਲ ਕਰਦਾ ਹੈ। ਇਸ ਵਿੱਚ ਜਿੱਥੇ ਟਾਈਪ ਇਮਤਿਹਾਨ ਲੈਣ ਵਾਲੇ ਵੱਖ-ਵੱਖ ਅਦਾਰਿਆਂ ਤੇ ਉਨ੍ਹਾਂ ਵੱਲੋਂ ਲਾਗੂ ਟਾਈਪਿੰਗ ਦੇ ਕਾਇਦੇ-ਕਾਨੂੰਨਾਂ ਬਾਰੇ ਜਾਣਕਾਰੀ ਸ਼ਾਮਿਲ ਹੈ ਉੱਥੇ ਟਾਈਪ ਰਫ਼ਤਾਰ ਤੇ ਸ਼ੁੱਧਤਾ ਗਿਆਤ ਕਰਨ, ਟਾਈਪ ਦੌਰਾਨ ਹੋਣ ਵਾਲੀਆਂ ਗਲਤੀਆਂ ਦੀਆਂ ਕਿਸਮਾਂ ਤੇ ਟਾਈਪਿੰਗ ਟਿਊਟਰ ਸਾਫ਼ਟਵੇਅਰਾਂ ਬਾਰੇ ਜਾਣਕਾਰੀ ਵੀ ਦਰਜ਼ ਹੈ।
ਆਖ਼ੀਰ 'ਚ 'ਪੰਜਾਬੀ ਸਾਫ਼ਟਵੇਅਰਾਂ' ਵਾਲੇ ਅਧਿਆਇ ਵਿੱਚ ਉਨ੍ਹਾਂ ਸਾਫ਼ਟਵੇਅਰਾਂ ਦੀ ਵਰਤੋਂ ਦਾ ਵੇਰਵਾ ਹੈ ਜਿਨ੍ਹਾਂ ਬਾਰੇ ਇਕ ਕੰਪਿਊਟਰ ਟਾਈਪਕਾਰ ਨੂੰ ਜਾਣਕਾਰੀ ਹੋਣੀ ਲਾਜ਼ਮੀ ਹੈ। ਪੁਸਤਕ ਦੇ ਖਰੜੇ ਦੀ ਟਾਈਪਿੰਗ ਤੇ ਸੋਧਾਂ ਲਈ ਮੱਖਣ ਜੀਤ ਤੇ ਗੁਰਵਿੰਦਰ ਸਿੰਘ ਦੇ ਮਿਲੇ ਸਹਿਯੋਗ ਦਾ ਰਿਣੀ ਹਾਂ। ਪੁਸਤਕ ਵਿਚ ਕਈ ਘਾਟਾਂ ਰਹਿ ਗਈਆਂ ਹੋਣਗੀਆਂ ਜਿਸ ਬਾਰੇ ਪਾਠਕਾਂ ਦੇ ਸੁਝਾਵਾਂ ਦਾ ਖਿੜੇ ਮੱਥੇ ਸੁਆਗਤ ਕੀਤਾ ਜਾਵੇਗਾ।
20 ਜੁਲਾਈ, 2017 ਡਾ. ਸੀ ਪੀ ਕੰਬੋਜ
ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ
No comments:
Post a Comment